ਅਬੋਹਰ ਦੇ ਆਭਾ ਸੁਕੇਅਰ ਵਿਖੇ ਨਗਰ ਨਿਗਮ ਵੱਲੋਂ ਬਣਾਈ ਆਭਾ ਲਾਈਬ੍ਰੇਰੀ ਗਿਆਨ ਦੀਆਂ ਰਿਸਮਾਂ ਵੱਡਨ ਲੱਗੀ ਹੈ। ਨਗਰ ਨਿਗਮ ਵੱਲੋਂ ਅਬੋਹਰ ਵਿਖੇ ਇਹ ਨਵੀਂ ਲਾਈਬ੍ਰੇਰੀ ਸਥਾਪਿਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਜਿਨਾਂ ਕੋਲ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਹੈ ਡਾ ਸੇਨੂ ਦੁੱਗਲ ਆਈਏਐਸ ਨੇ ਆਖਿਆ ਕਿ ਨੌਜਵਾਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਤੀ ਆਧੁਨਿਕ ਲਾਈਬ੍ਰੇਰੀ ਵਿੱਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਚਾਰ ਸਲੋਟ ਉਪਲਬਧ ਹਨ ਅਤੇ ਹਰੇਕ ਸਲੋਟ ਤਿੰਨ ਘੰਟੇ ਦਾ ਹੈ ਭਾਵ ਵਿਦਿਆਰਥੀ ਜਾਂ ਕੋਈ ਵੀ ਇੱਥੇ ਤਿੰਨ ਘੰਟੇ ਦੇ ਸਲੋਟ ਵਿੱਚ ਆ ਕੇ ਪੜ੍ਹਾਈ ਕਰ ਸਕਦਾ ਹੈ । ਇਥੇ ਉੱਤਮ ਦਰਚੇ ਦੀਆਂ ਕਿਤਾਬਾਂ, ਰੋਜਾਨਾ ਅਖਬਾਰ, ਮੈਗਜ਼ੀਨ ਦੀ ਸਹੂਲਤ ਹੈ ਉੱਥੇ ਹੀ ਆਨਲਾਈਨ ਸਾਹਿਤ ਅਤੇ ਹੋਰ ਗਿਆਨ ਦੇ ਭੰਡਾਰ ਤੱਕ ਪਹੁੰਚ ਕਰਨ ਲਈ ਇੱਥੇ ਇੰਟਰਨੈਟ ਦੀ ਸਹੂਲਤ ਨਾਲ ਲੈਸ ਕੰਪਿਊਟਰ ਵੀ ਲਗਾਏ ਗਏ ਹਨ।
ਉਹਨਾਂ ਨੇ ਦੱਸਿਆ ਕਿ ਇਹ ਲਾਈਬ੍ਰੇਰੀ ਪੂਰੀ ਤਰ੍ਹਾਂ ਏਸੀ ਅਤੇ ਸ਼ਾਨਦਾਰ ਮਾਹੌਲ ਵਿੱਚ ਤਿਆਰ ਕੀਤੀ ਗਈ ਹੈ ਅਤੇ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵਰਦਾਨ ਹੈ। ਇਸ ਵਿੱਚ ਸਾਹਿਤ ਦੇ ਨਾਲ ਨਾਲ ਪ੍ਰਤਿਯੋਗੀ ਪ੍ਰੀਖਿਆਵਾਂ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਵੀ ਕਿਤਾਬਾਂ ਉਪਲਬਧ ਕਰਵਾਈਆਂ ਗਈਆਂ ਹਨ । ਇਸ ਵਿੱਚ ਦਾਖਲਾ ਲੈਣ ਲਈ ਮਹੀਨਾਵਾਰ ਫੀਸ 1000 ਰੁਪਏ ਰੱਖੀ ਗਈ ਹੈ। ਇਸ ਵਿੱਚ ਉਪਲਬਧ ਪਹਿਲਾ ਸਲੋਟ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ, ਦੂਸਰਾ ਸਲੋਟ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ, ਤੀਜਾ ਸਲੋਟ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਅਤੇ ਚੌਥਾ ਅਤੇ ਆਖਰੀ ਸਲੋਟ ਸ਼ਾਮ 5 ਵਜੇ ਤੋਂ 8 ਵਜੇ ਤੱਕ ਹੈ। ਇੱਥੇ ਪੜ੍ਹਾਈ ਕਰਨ ਆਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਥੋਂ ਦੇ ਸ਼ਾਂਤ ਅਤੇ ਸ਼ਾਨਦਾਰ ਮਾਹੌਲ ਵਿੱਚ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗਦਾ ਹੈ ਅਤੇ ਉਹ ਇੱਕ ਮਨ ਹੋ ਕੇ ਆਪਣੀ ਪੜ੍ਹਾਈ ਕਰ ਸਕਦੇ
ਹਨ।